ਗੁਰਮੁਖੀ ਦੀ ਕੀ ਸਿਫ਼ਤ ਸੁਣਾਵਾਂ
ਜੀਨ੍ਹੇ ਗੁਰਮੁਖੀ ਨਹੀਂ ਸਿੱਖੀ ਉਹ ਜੰਮਿਆ ਨਹੀਂ।
ਜੇ ਮੈਨੂੰ ਕੁਝ ਸਾਲ ਪਹਿਲਾਂ ਗੁਰਮੁਖੀ ਦੇ ਮੁਤੱਲਕ ਸਵਾਲ ਕੀਤੇ ਜਾਂਦੇ ਤਾਂ ਇਸ ਵਿਸ਼ੇ ਦੀ ਮੈਨੂੰ ਸੋਝੀ ਨਹੀਂ ਸੀ ਹੋਣੀ। ਇਹ ਤਾਂ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਰਾਹ ਖਹਿੜੇ ਜ਼ਿੰਦਗੀ ਵਿੱਚ ਕੁਝ ਭਾਸ਼ਾਵਾਂ ਨਾਲ਼ ਮੇਰਾ ਤਜੁਰਬਾ ਰਿਹਾ ਹੈ, ਉਚੇਚੇ ਤੌਰ ਤੇ ਉਰਦੂ ਅਤੇ ਫ਼ਾਰਸੀ ਨਾਲ਼। ਜੇਕਰ ਇਹ ਤਜੁਰਬਾ ਨਾ ਹੁੰਦਾ ਸ਼ਾਇਦ ਮੈਂ ਗੁਰਮੁਖੀ ਦੀ ਇੰਨੀ ਕਦਰ ਨਾ ਕਰਦੀ। ਆਪਣੀ ਆਪਣੀ ਜਗ੍ਹਾ ਹਰ ਭਾਸ਼ਾ ਅਤੇ ਲਿੱਪੀ ਦੀ ਸੁੰਦਰਤਾ ਹੈ ਪਰ ਤੁਲਨਾ ਕਰਨੀ ਇਨਸਾਨ ਦੀ ਫ਼ਿਤਰਤ ਵਿੱਚ ਹੀ ਹੈ।
![]() |
ਤਸਵੀਰ: ਗੁਰਮੁਖੀ ਲਿੱਪੀ। ਸੋਮਾ: ਪੰਜਾਬ ਡਿਜਿਟਲ ਲਾਇਬ੍ਰੇਰੀ |
ਪੰਜਾਬੀ ਦੋ ਲਿਪੀਆਂ ਵਿੱਚ ਪ੍ਰਚੱਲਤ ਹੈ; ਗੁਰਮੁਖੀ ਅਤੇ ਸ਼ਾਹਮੁਖੀ। ਮੈਂ ਪਹਿਲਾਂ ਹੀ ਸੁਚੇਤ ਕਰਨਾ ਚਾਹੁੰਦੀ ਹਾਂ ਕਿ ਮੈਂ ਇਸ ਲੇਖ ਵਿੱਚ ਪੰਜਾਬੀ ਅਤੇ ਗੁਰਮੁਖੀ ਦੇ ਸੁਮੇਲ ਦੇ ਸੰਦਰਭ ਵਿੱਚ ਹੀ ਵਿਚਾਰ ਸਾਂਝੇ ਕਰਾਂਗੀ।
ਪੰਜਾਬੀ ਇੰਨੀ ਸੁਰੀਲੀ ਅਤੇ ਸਪਸ਼ਟ ਭਾਸ਼ਾ ਹੈ ਤਕਰੀਬਨ ਜਿਵੇਂ ਬੋਲੀ ਜਾਂਦੀ ਹੈ ਉਦਾਂ ਹੀ ਲਿਖੀ ਜਾਂਦੀ ਹੈ। ਜਿਸ ਨੂੰ ਧੁੰਨੀਆਤਮਕ ਵੀ ਕਹਿ ਦਿੰਦੇ ਹਨ। ਮੁਹਾਰਨੀ ਗੁਰਮੁਖੀ ਸਿੱਖਣ ਲਈ ਸਭ ਤੋਂ ਵੱਡਾ ਔਜ਼ਾਰ ਹੈ। ਮੈਨੂੰ ਹਜੇ ਤਕ ਦੂਜੀਆਂ ਭਾਸ਼ਾਵਾਂ ਵਿੱਚ ਮੁਹਾਰਨੀ ਦੇ ਮੁਕਾਬਲੇ ਵਿੱਚ ਨਹੀਂ ਕੁਝ ਲੱਭਿਆ। ਪੰਜਾਬੀ ਅਤੇ ਗੁਰਮੁਖੀ ਦੇ ਇਸ ਮੁੱਖ ਗੁਣਾਂ ਕਰਕੇ ਸਿੱਖਣੀਆਂ ਸੌਖੀਆਂ ਹਨ।
ਜੇ ਧਿਆਨ ਨਾਲ ਗੁਰਮੁਖੀ ਦੇ ਅੱਖਰਾਂ ਨੂੰ ਵਾਚਿਆ ਜਾਵੇ ਤਾਂ ਅੱਖਰ ਇਦਾਂ ਜਾਪਦੇ ਹਨ ਜਿਵੇਂ ਤਾਰ ਤੇ ਕੱਪੜੇ ਸੁਕਣੇ ਪਾਏ ਜਾਂਦੇ ਹਨ ਅਤੇ ਨਾਲ਼ ਹੀ ਨਾਲ਼ ਅੱਖਰ ਦਾ ਮੂਲ ਆਕਾਰ ਕਾਇਮ ਰੱਖਿਆ ਜਾਂਦਾ ਹੈ। ਇਸ ਤੋਂ ਭਾਵ ਹੈ ਕਿ ਸ਼ਾਹਮੁਖੀ ਵਿੱਚ ਇਕ ਸ਼ਬਦ ਵਿੱਚ ਅੱਖਰ ਦੀ ਜਗ੍ਹਾ ਉਸ ਦੇ ਆਕਾਰ ਦਾ ਫ਼ੈਸਲਾ ਕਰਦੀ ਹੈ। ਸ਼ਾਹਮੁਖੀ ਦੇ ਕੁਝ ਅੱਖਰਾਂ ਨੂੰ "connectors" ਆਖਿਆ ਜਾਂਦਾ ਅਤੇ ਕੁਝ ਨੂੰ "non connectors"। ਭਾਵ ਕੁਝ ਅੱਖਰ ਲਿਖਣ ਲੱਗੇ ਜੁੜਦੇ ਹਨ ਕੁਝ ਨਹੀਂ ਜੁੜਦੇ।
ਜਦੋਂ ਮੈਂ ਉਰਦੂ ਸਿੱਖੀ ਸੀ ਤਾਂ ਮੇਰੀ ਸਭ ਤੋਂ ਵੱਡੀ ਚਣਾਉਤੀ ਸੀ ਉਰਦੂ ਦੀ ਲਿੱਪੀ ਸਿੱਖਣੀ। ਇੱਕ ਤਾਂ ਸ਼ਾਹਮੁਖੀ ਵਿੱਚ ਲਿਖਦੇ ਸੱਜੇ ਤੋਂ ਲੈਕੇ ਖੱਬੇ ਨੂੰ ਹਨ। ਦੂਜਾ ਉਰਦੂ 'ਤੇ ਫ਼ਾਰਸੀ ਅਤੇ ਅਰਬੀ ਦਾ ਪ੍ਰਭਾਵ ਹੋਣ ਕਰਕੇ ਕੁਝ ਧੁੰਨੀਆਂ ਦੇ ਤਿਨ ਅੱਖਰ ਵੀ ਹਨ। ਜਿਵੇਂ ਕੇ ਗੁਰਮੁਖੀ ਵਿੱਚ ਇੱਕ ਸੱਸਾ ਹੀ ਹੈ। ਪਰ ਉਰਦੂ ਵਿੱਚ ਤਿਨ ਹਨ س ص ث। ਮਸਲਾ ਫ਼ੇਰ ਇਹ ਬਣ ਜਾਂਦਾ ਹੈ ਕਿ ਪਤਾ ਕਿਵੇਂ ਲੱਗਦਾ ਹੈ ਕਦੋਂ ਕਿਹੜਾ ਅੱਖਰ ਵਰਤਣਾ ਚਾਹੀਦਾ ਹੈ? ਇਹ ਜਾਨਣ ਲਈ ਤੁਹਾਨੂੰ ਭਾਸ਼ਾਵਾਂ ਦਾ ਗਿਆਨ ਹੋਣਾ ਲਾਜ਼ਮੀ ਹੋ ਜਾਂਦਾ ਹੈ ਜਾਂ ਕਹਿ ਲਓ ਸ਼ਬਦਾਂ ਦੀ "etymology" ਤੋਂ ਜਾਣੂ ਹੋਣਾ ਲਾਜ਼ਮੀ ਹੋ ਜਾਂਦਾ ਹੈ। ਨਹੀਂ ਤਾਂ ਰੱਟਾ ਲਾਉਣਾਂ ਤਾਂ ਕਿਤੇ ਗਿਆ ਹੀ ਨਹੀਂ।
ਜਿਵੇਂ ਗੁਰਮੁਖੀ ਵਿੱਚ ਮੁਕਤਾ, ਸਿਹਾਰੀ ਅਤੇ ਔਂਕੜ ਹਨ ਓਦਾਂ ਹੀ ਉਰਦੂ ਵਿੱਚ ਜ਼ਬਰ, ਜ਼ੇਰ ਅਤੇ ਪੇਸ਼ ਹਨ । ਇਹ ਛੋਟੀਆਂ ਧੁੰਨੀਆਂ ਹਨ। ਆਧੁਨਿਕ ਸਮੇਂ ਵਿੱਚ ਲਿਖਤੀ-ਤੌਰ ਤੇ ਜ਼ਬਰ, ਜ਼ੇਰ ਅਤੇ ਪੇਸ਼ ਦੀ ਵਰਤੋਂ ਨਹੀਂ ਹੁੰਦੀ ਲਿਹਾਜ਼ਾ ਜਿਹੜਾ ਵੀ ਉਰਦੂ ਸਿੱਖ ਰਿਹਾ ਉਸ ਨੂੰ ਨਾਲ਼ ਦੀ ਨਾਲ਼ ਸੰਧਰਬ ਵਿੱਚ ਸ਼ਬਦ ਸਮਝਣਾਂ ਪੈਂਦਾ ਹੈ । ਗੁਰਮੁਖੀ ਵਿੱਚ ਹਰ ਲੱਗਾ ਮਾਤਰਾ ਦੀ ਮਹੱਤਤਾ ਹੈ ਤੇ ਕਿਸੀ ਇੱਕ ਨੂੰ ਵਾਂਝਾ ਨਹੀਂ ਕੀਤਾ ਜਾਂ ਸਕਦਾ।
ਇਹ ਸਭ ਤੁਲਨਾਂ ਤੋਂ ਬਾਅਦ ਮੈਂ ਆਪਣੇ ਪਾਠਕਾਂ ਨੂੰ ਗੁਰਮੁਖੀ (ਪੰਜਾਬੀ) ਸਿੱਖਣ ਲਈ ਉਤਸ਼ਾਹਤ ਕਰਨਾ ਚਾਹੁੰਦੀ ਹਾਂ। ਕੋਈ ਭਾਸ਼ਾ ਮਾੜੀ ਨਹੀਂ ਹੁੰਦੀ ਤਾਂ ਇਹ ਨਾ ਸਮਝਿਓ ਕਿ ਮੈਂ ਕਿਸੀ ਭਾਸ਼ਾ ਨੂੰ ਨੀਵਾਂ ਦਿਖਾ ਰਾਹੀਂ ਹਾਂ ਗੁਰਮੁਖੀ ਨਾਲ਼ ਤੁਲਨਾ ਕਰਕੇ। ਪਰ ਕਿਉਂਕਿ ਪੰਜਾਬੀ ਮੇਰੀ ਮਾਂ-ਬੋਲੀ ਹੈ ਤਾਂ ਜ਼ਾਹਰ ਜੀ ਗੱਲ ਹੈ ਕਿ ਮੈਂ ਆਪਣੀ ਮਾਂ-ਬੋਲੀ ਦੀ ਸਿਫ਼ਤ ਕਰਾਂਗੀ। ਮਾਂ-ਬੋਲੀ ਦੇ ਨਾਲ਼ ਸਾਡੀ ਹੋਂਦ ਜੁੜੀ ਹੈ। ਪੰਜਾਬੀ ਪੜ੍ਹੋ ਲਿਖੋ ਬੋਲੋ!
ਇਹ ਰਾਣੀ ਹੈ ਭਾਸ਼ਾਵਾਂ ਦੀ, ਇਹਦੇ ਸਿਰ 'ਤੇ ਛਤਰ ਝੁਲਾਵਾਂਗੇ।
ਸਾਡੀ ਮਾਂ-ਬੋਲੀ ਪੰਜਾਬੀ ਹੈ, ਅਸੀਂ ਇਸਦੀ ਸ਼ਾਨ ਵਧਾਵਾਂਗੇ।
- ਇਤਿਹਾਸਕਾਰ "ਦਲੇਰ"
* ਇਸ ਲਿਖਤ ਵਿੱਚ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਸਕਦੀਆਂ ਹਨ। ਭੁੱਲ ਝੁੱਕ ਮੁਆਫ਼ ਕਰਨੀ।
ਬਹੁਤ ਹੀ ਚੰਗੇ ਤਰੀਕੇ ਨਾਲ ਬਿਆਨ ਕਰਿਆ । ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਲਈ।
ReplyDeleteबहुत ही सुन्दर ढंग से स्पष्ट किया है जी।
ReplyDeleteਬਹੁਤ ਵਧੀਆ ਢੰਗ ਨਾਲ ਸਮਝਾਇਆ ਗੁਰਮੁਖੀ ਤੇ ਸ਼ਾਹਮੁਖੀ ਭਾਸ਼ਾ ਬਾਰੇ। ਵਾਹਿਗੁਰੂ ਜੀ ❤️🙏😇
ReplyDeletegreat!
ReplyDelete